ਚੱਤੋ ਪਹਿਰ ਮਿੱਟੀ ਵਿਚ ਮਿੱਟੀ ,ਕਰ ਕਰ ਪੈਦਾ ਜਾਂਵੇ ਸਿੱਟੀ,
ਖਪ-ਖਪ ਖੁੱਚਾਂ ਹੋ ਗਈਆਂ ਵਿੰਗੀਆਂ,ਨਾ ਕੋਈ ਭਾਅ ਸਰਕਾਰਾ ਦਿੰਦੀਆਂ
ਮੁੱਲ ਇਹ ਅਫਸਰ ਕਰਦੇ ਨੇ
ਚੜਹ-ਚੜ੍ਹ ਕੇ ਸਪਰੇਹਾ ਪੁੱਤ ਕਾਮਿਆਂ ਦੇ ਮਰਦੇ ਨੇ..........
ਤੇਰੀ ਦੇਹਲੀ ਉੱਤੇ ਲੁਟੇਰੇ, ਕੀ ਤੂੰ ਦੇਖੇ ਚਾਰ ਚੁਫੇਰੇ
ਕਾਹਤੋਂ ਸੌਂ ਗੇ ਲੇਖ ਨੇ ਤੇਰੇ, ਪੈਂਦੇ ਦਿਨ ਚੜਦੇ ਹੀ ਨੇਰ੍ਹੇ
ਚਾਨਣ ਤੇਰੇ ਵੱਲ ਨਹੀਂ ।
ਸਾਂਭ ਲੈ ਕਿਰਤ ਕਿਸਾਨਾ ਉਏ ਖੁਦਕੁਸ਼ੀਆਂ ਹੱਲ ਨਹੀਂ।
ਨਿੱਤ ਹੀ ਰਹਿਣ ਗੁਆਂਢੀ ਲੜਦੇ,ਜਾ ਫਿਰ ਵਿਚ ਕਚਹਿਰੀ ਖੜਦੇ
ਤੇ ਫੇਰ ਲੱਗਣ ਕਚਹਿਰੀ ਮੇਲੇ, ਆਖਣ ਜੱਟ ਲੜਨ ਲਈ ਵੇਹਲੇ
ਭੋਰਾ ਸ਼ਰਮ ਵੀ ਕਰਦੇ ਨਾ
ਜਿਨ੍ਹਾਂ ਨਾਲ ਹੈ ਲੜਨਾ ਉਹਨਾਂ ਨਾਲ ਏ ਲੜਦੇ ਨਾ।
ਕਿਉਂ ਨਾ ਸਮ੍ਝੇ ਲੂੰਬੜ ਚਾਲਾਂ,ਖਾਵੇਂ ਧੋਖੇ ਹੋ ਗਏ ਸਾਲਾਂ
ਨੇਤਾ ਮਾਸ ਨੋਚਦੇ ਰਹਿੰਦੇ, ਜਿੱਤ ਕੇ ਜਾ ਚੰਡੀਗੜ੍ਹ ਬਹਿੰਦੇ
ਕਿਉਂ ਤੂੰ ਪਾਉਂਦਾ ਠੱਲ ਨਹੀਂ।
ਸਾਂਭ ਲੈ ਿਕਰਤ ਕਿਸਾਨਾ........................................
ਮਾਂ ਤੂੰ ਬੈਂਕਾਂ ਦੇ ਨਾਂ ਕਰਤੀ,ਖੌਰੇ ਕੀ ਤੇਰੇ ਨਾਲ ਵਰਤੀ।
ਕਰਜੇ ਮੂੰਹੀ ਜਾਣ ਜੋ ਜੋੜੇ ,ਕਿੱਥੋਂ ਕਿਸਤ ਬੈਂਕ ਦੀ ਮੋੜੇ।
ਨਾ ਫਿਰ ਲੰਘਦੀ ਬੁਰਕੀ ਐ
ਆਖਰ ਨੂੰ ਮਾਂ ਵਿਕਦੀ ਇਹ ਕਰਵਾਉਂਦਾ ਕੁਰਕੀ ਹੈ।
ਲੰਘਗੀ ਉਮਰ ਕਮਾਈਆਂ ਕਰਕੇ,ਪਲ ਵੀ ਵੇਖਿਆ ਨਾ ਕਦੇ ਖੜਕੇ
ਮੰਡੀਓ ਖਾਲੀ ਹੱਥ ਹੀ ਆਉਂਦਾ,ਕਿਉਂ ਨੀ ਬੇਗਮ ਦੇ ਬੰਦ ਲਿਆਉਦਾਂ
ਕਾਤੋਂ ਦੱਸਦਾ ਗੱਲ ਨਹੀਂ।
ਸਾਂਭ ਕਿਰਤ ਕਿਸਾਨਾ........................................।
ਪੈਣਾ ਬੰਨ ਕਾਫਲੇ ਤੁਰਨਾ,ਨਹੀਂ ਤਾਂ ਰਹੂਗਾ ਜਾਰੀ ਖੁਰਨਾ।
ਆਪਣੀ ਕਿਸਮਤ ਆਪ ਬਣਾ ਲੈ ,ਪਹਿਲੀ ਲਿਖੀ ਹੋਈ ਨੂੰ ਢਾਹ ਲੈ।
ਕਿਹੜੀ ਗੱਲੋਂ ਡਰਦਾ ਤੂੰ।
ਦੁਨੀਆਂ ਦਾ ਅੰਨਦਾਤਾ ਕਾਹਤੋਂ ਭੁੱਖਾਂ ਮਰਦਾ ਤੂੰ।
ਕਿਸਮਤ ਕਾਲੇ ਬੱਦਲਾਂ ਘੇਰੀ,ਦੇ ਲੈ ਮਨ ਨੂੰ ਹੱਲਾ ਸੇਰੀ।
ਜੋ ਨੇ ਹੱਥਾਂ ਵਿਚ ਸੰਦ ਤੇਰੇ,ਇਹਨਾਂ ਕਰਨੇ ਦੂਰ ਹਨੇਰੇ।
ਬੱਸ ਵਰਤਣ ਦਾ ਵੱਲ ਨਹੀਂ।
ਸਾਂਭ ਲੈ ਿਕਰਤ ਕਿਸਾਨਾ ਉਏ ਖੁਦਕੁਸ਼ੀਆਂ ਹੱਲ ਨਹੀਂ।
Aucun commentaire:
Enregistrer un commentaire